
ਮਾਲਵੇ ਦਾ ਜੁਗਤੀ ਜੱਟ – ਉਪਿੰਦਰ ਸਿੰਘ ਬਰਾੜ
ਮਾਲਵਾ ਖੇਤਰ ਪੰਜਾਬ ਦੀ ਸਿਆਸਤ ਉਪਰ ਬੜੇ ਹੀ ਲੰਮੇ ਸਮੇਂ ਤੋਂ ਭਾਰੂ ਰਿਹਾ ਹੈ। ਇਸ ਖੇਤਰ ਦੀ ਅਗਲੀ ਵਿਲੱਖਣਤਾ ਖੁੱਲ੍ਹੀਆਂ ਜ਼ਮੀਨਾਂ, ਮਿਹਨਤੀ ਕਿਸਾਨ ਅਤੇ ਚੰਗਾ ਪਾਣੀ ਵੀ ਹੈ। ਇਹ ਖੇਤਰ ਖੇਤੀਬਾੜੀ ਵਿਚ ਪਹਿਲ ਕਦਮੀ ਦੇ ਨਾਲ ਹੀ ਸਾਰੇ ਹੀ ਸਹਾਇਕ ਧੰਦਿਆਂ ਵਿਚ ਆਪਣੀ ਮੁਹਾਰਤ ਰੱਖਦਾ ਹੈ। ਇਹਨਾਂ ਸਾਰੇ ਹੀ ਧੰਦਿਆਂ ਦਾ ਮੋਹਰੀ ਹੈ ਡੇਅਰੀ ਫਾਰਮਿੰਗ ਦਾ ਕਿੱਤਾ ਜੋ ਕਿ ਉਨਾ ਹੀ ਪੁਰਾਣਾ ਹੈ ਜਿੰਨੀ ਕਿ ਖੇਤੀਬਾੜੀ, ਪਰ ਇਸ ਧੰਦੇ ਦੀ ਬਡੌਤਰੀ ਪਿਛਲੇ ਕੁਝ ਸਾਲਾਂ ਵਿਚ ਬਹੁਤ ਜ਼ਿਆਦਾ ਹੋਈ ਹੈ। ਡੇਅਰੀ ਉਦਯੋਗ ਦੀ ਪ੍ਰਫੁੱਲਤਾ ਨਾਲ ਬਹੁਤ ਸਾਰੇ ਕਮਰਸ਼ੀਅਲ, ਆਧੁਨਿਕ ਅਤੇ ਹਾਈ-ਟੈਕ ਯੂਨਿਟ ਮਾਲਵੇ ਖੇਤਰ ਵਿਚ ਸਥਾਪਿਤ ਹੋਏ ਹਨ। ਐਸਾ ਹੀ ਇਕ ਯੂਨਿਟ ਬਠਿੰਡਾ ਜ਼ਿਲ੍ਹੇ ਦੀ ਸ਼ਾਨ ਹੈ, ਇਸ ਦਾ ਸੰਸਥਾਪਕ ਕਰਨਲ (ਰਿਟਾਇਰਡ) ਗੁਰਚਰਨ ਸਿੰਘ ਬਰਾੜ ਹਨ, ਜੋ ਕਿ ਭਾਵੇਂ ਸਾਡੇ ਨਜਦੀਕ ਪਿੰਡ ਗੁੰਮਟੀ ਕਲਾਂ ਦੇ ਵਾਸੀ ਹਨ ਪਰ ਆਪਣੇ ਸਪੁੱਤਰ ਸ੍ਰ. ਉਪਿੰਦਰ ਸਿੰਘ ਬਰਾੜ ਦੀ ਬਠਿੰਡਾ ਖੇਤਰ ਨਾਲ ਨੇੜਤਾ ਹੋਣ ਕਾਰਨ ਡੇਅਰੀ ਯੂਨਿਟ ਬਠਿੰਡਾ ਤੋਂ ਕੋਈ 6 ਕਿਲੋਮੀਟਰ ਦੀ ਦੂਰੀ ਉਪਰ ਪਿੰਡ ਗੋਬਿੰਦਪੁਰਾ (ਬਠਿੰਡਾ) ਵਿਖੇ ਸਥਾਪਤ ਕਰ ਦਿੱਤਾ।ਅਲਤਬਸ ਇਹ ਯੂਨਿਟ ਦੀ ਸਾਰੀ ਜਿੰਮੇਵਾਰੀ ਆਪਣੇ ਬੇਟੇ ਨੂੰ ਦਿੱਤੀ ਜੋ ਕਿ ਗਰੈਜੂਏਸ਼ਨ ਕਰਨ ਉਪਰੰਤ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਠੇਕੇਦਾਰੀ ਦਾ ਕੰਮ ਕਰ ਰਿਹਾ ਸੀ। ਉਪਿੰਦਰ ਸਿੰਘ ਜੋ ਕਿ ਤਕਰੀਬਨ 43 ਸਾਲ ਦੀ ਉਮਰ ਦਾ ਹੈ, ਪਰ ਦਿੱਖ ਅਨੁਸਾਰ ਬਹੁਤ ਹੀ ਹਿੰਮਤੀ, ਪਿਤਾ ਦੇ ਫੌਜ ਦੇ ਸਾਰੇ ਗੁਣਾਂ ਨਾਲ ਭਰਪੂਰ ਅਤੇ ਅਜੋਕੇ ਸਮੇਂ ਦਾ ਪੜ੍ਹਿਆ ਲਿਖਿਆ ਨੌਜਵਾਨ ਹੈ।
ਉਪਿੰਦਰ ਸਿੰਘ ਦੀ ਪਤਨੀ ਜੋ ਕਿ ਹਿਸਾਬ ਦੀ ਅਧਿਆਪਕਾ ਹੈ, ਨਾਲ ਆਪਣਾ ਵਿਆਹੁਤਾ ਜੀਵਨ 1991 ਤੋਂ ਨਿਭਾ ਰਿਹਾ ਹੈ। ਆਪ ਜੀ ਦੇ ਦੋ ਬੱਚੇ, ਇਕ ਬੇਟਾ ਜੋ ਕਿ ਡਿਪਲੋਮਾ ਆਟੋਮੋਬਾਇਲ ਇੰਜ. ਅਤੇ ਬੇਟੀ ਦਸਵੀਂ ਦੀ ਪੜ੍ਹਾਈ ਕਰ ਰਹੀ ਹੈ।
ਡੇਅਰੀ ਦਾ ਧੰਦਾ ਉਪਿੰਦਰ ਨੇ 2001 ਵਿਚ ਬਠਿੰਡਾ ਸ਼ਹਿਰ ਵਿਖੇ ਇਕ ਛੋਟੇ ਜਿਹੇ ਪਲਾਟ ਵਿਚ ਸਿਰਫ਼ 6 ਗਾਂਵਾਂ ਰੱਖ ਕੇ ਸ਼ੁਰੂ ਕੀਤਾ। ਲਗਾਤਾਰ ਤਿੰਨ ਸਾਲ ਕੰਮ ਕਰਨ ਉਪਰੰਤ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਸ਼ੁਰੂ ਕਰਨ ਦੀ ਵਿਉਂਤਬੰਦੀ ਬਨਾਉਣ ਉਪਰੰਤ ਪਿੰਡ ਗੋਬਿੰਦਪੁਰਾ ਵਿਖੇ 9 ਕਨਾਲ 14 ਮਰਲੇ ਜਗ੍ਹਾ ਖਰੀਦੀ। ਇਸ ਧੰਦੇ ਤੋਂ ਜ਼ਿਆਦਾ ਮੁਨਾਫ਼ਾ ਲੈਣ ਲਈ ਅਤੇ ਵਧੀਆ ਤਰੀਕੇ ਨਾਲ ਚਲਾਉਣ ਲਈ ਆਪ ਨੇ ਕ੍ਰਿਸ਼ੀ-ਵਿਗਿਆਨ ਕੇਂਦਰਠ ਬਠਿੰਡਾ, ਡੇਅਰੀ ਵਿਕਾਸ ਵਿਭਾਗ ਅਤੇ ਚਾਰਾ ਵਿਭਾਗ, ਬਠਿੰਡਾ ਤੋਂ ਵੱਖ-ਵੱਖ ਸਮੇਂ ਤੇ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ। ਆਖਿਰ ਨੂੰ ਅਪ੍ਰੈਲ 2004 ਵਿਚ ਆਪ ਨੇ ਗੋਬਿੰਦਪੁਰਾ ਵਿਖੇ ਸਥਾਪਿਤ ਡੇਅਰੀ ਯੂਨਿਟ ਸ਼ੁਰੂ ਕਰ ਲਿਆ। ਇਸ ਯੂਨਿਟ ਦੇ ਸ਼ੁਰੂਆਤੀ ਪਸ਼ੂ ਜੋ ਕਿ ਬਠਿੰਡਾ ਦੇ ਯੂਨਿਟ ਵਿਚੋਂ ਲਿਆਂਦੇ ਗਏ ਸਨ, ਦੀ ਗਿਣਤੀ 19 ਗਾਂਵਾਂ ਅਤੇ 8 ਵੱਛੀਆਂ ਸੀ। ਇਹਨਾਂ ਪਸ਼ੂਆਂ ਨਾਲ ਲਗਾਤਾਰ ਕੰਮ ਕਰਦੇ ਹੋਏ ਅੱਜ ਆਪ ਜੀ ਦੇ ਯੂਨਿਟ ਵਿਚ ਤਕਰੀਬਨ 85 ਗਾਂਵਾਂ ਅਤੇ 36 ਵੱਛੀਆਂ ਦਾ ਸਟਾਕ ਮੌਜੂਦ ਹੈ। ਡੇਅਰੀ ਦੇ ਧੰਦੇ ਦਾ ਰਿਕਾਰਡ ਰੱਖਣ, ਸਾਂਭ-ਸੰਭਾਲ ਅਤੇ ਡੈਟਾ-ਐਂਟਰੀ ਦਾ ਕੰਮ ਆਪ ਜੀ ਦੇ ਪਿਤਾ (ਕਰਨਲ ਸਾਹਿਬ) ਬਹੁਤ ਹੀ ਵਧੀਆ ਢੰਗ ਨਾਲ ਨਿਭਾ ਰਹੇ ਹਨ।
ਡੇਅਰੀ ਫਾਰਮ ਦੀ ਪ੍ਰਮੁੱਖ ਲੋੜ ਹਰੇ-ਚਾਰੇ ਦੀ ਪੂਰਤੀ ਲਈ ਆਪ ਆਪਣੇ ਫਾਰਮ ਦੇ ਨਜਦੀਕ ਠੇਕੇ ਉਪਰ ਤਕਰੀਬਨ 32 ਏਕੜ ਜ਼ਮੀਨ ਲੈਂਦਾ ਹੈ ਜੋ ਕਿ ਡੇਅਰੀ ਖ਼ੁਰਾਕ ਦਾ ਸਭ ਤੋਂ ਸਸਤਾ ਅੰਗ (ਹਰਾ-ਚਾਰਾ) ਦੀ ਪੂਰਤੀ ਕਰਨ ਵਿਚ ਸਹਾਈ ਹੁੰਦੀ ਹੈ। ਇਹ ਹਰਾ ਚਾਰਾ ਪਸ਼ੂ ਦੀ ਖੁਰਾਕੀ ਲੋੜ ਮੁਤਾਬਕ 40-50 ਕਿਲੋ ਪ੍ਰਤੀ ਪੂਸ਼ ਹਰੇ ਦੀ ਲੋੜ ਪੂਰੀ ਕਰਨ ਦੇ ਨਾਲ ਹੀ ਵਾਧੂ ਹਰੇ ਚਾਰੇ ਦਾ ਸਾਇਲੇਜ ਬਨਾਉਣ ਲਈ ਵਰਤ ਰਿਹਾ ਹੈ। ਯੂਨਿਟ ਦੀ ਐਂਟਰੀ ਗੇਟ ਦੇ ਨਾਲ ਸਥਾਪਿਤ ਸਾਇਲੋ ਪੈਂਟ ਇਸ ਨੂੰ ਘਾਟ ਦੇ ਸਮੇਂ ਹਰਾ ਚਾਰਾ ਦੇਣ ਵਿਚ ਸਹਾਈ ਹੁੰਦੇ ਹਨ। ਉਪਿੰਦਰ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦਾ ਵੀ ਸਰਗਰਮ ਵਰਕਰ ਹੈ ਅਤੇ ਆਪਣੇ ਫਾਰਮ ਲਈ ਵਧੀਆ ਫੀਡ ਵੀ ਸਦਰਪੁਰਾ ਕੈਟਲ ਫੀਡ ਤੋਂ ਮੰਗਵਾਉਂਦਾ ਹੈ। ਇਸ ਦਾ ਮੰਨਣਾ ਹੈ ਕਿ ਥੋੜ੍ਹੀ ਫੀਡ ਦੇ ਹਿੱਸੇ ਖਰੀਦਣੇ ਮਹਿੰਗੇ ਪੈਂਦੇ ਹਨ ਪਰ ਜਦੋਂ ਇਕ ਗਰੁੱਪ ਵੱਡੀ ਮਾਤਰਾ ਵਿਚ ਖਰੀਦ ਕਰਦਾ ਹੈ ਤਾਂ ਫੀਡ ਸਸਤੀ ਪੈਂਦੀ ਹੈ ਪਰ ਸਿਰਫ਼ ਇਕ ਗੱਲ ਦਾ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਫੀਡ ਦਾ ਸਰੋਤ ਵਧੀਆ ਹੋਣਾ ਬਹੁਤ ਜ਼ਰੂਰੀ ਹੈ।
ਡੇਅਰੀ ਦੇ ਖ਼ਰਚੇ ਬਾਰੇ ਪੁੱਛਣ ਉਪਰੰਤ ਬਰਾਨ ਸਾਹਿਬ ਦਾ ਵਿਚਾਰ ਹੱਸਦੇ ਹੋਏ ਬੜਾ ਹੀ ਅਜੀਬ ਸੀ ਕਿ ਡਾਕਟਰ ਸਾਹਿਬ ਫਿਰ ਜੋੜੋ ਖ਼ਰਚੇ ਮੈਂ ਬੋਲਦਾ ਹਾਂ। ਜੇਕਰ ਇਕ ਦੋਗਲੀ ਗਾਂ ਮੇਰੇ ਫਾਰਮ ਦੀ ਔਸਤਨ ਕੱਢਦੇ ਹੋਏ ਦੇਖੀਏ ਤਾਂ 13 ਲਿਟਰ ਰੋਜ਼ਾਨਾ ਦੁੱਧ ਪੈਦਾ ਕਰਦੀ ਹੈ ਤਾਂ ਉਸ ਉਪਰ ਤਕਰੀਬਨ ਹਰਾ ਚਾਰਾ ਜੇਕਰ ਮੱਕੀ (50 ਕਿਲੋ/ਗਾਂ) ਦਿੱਤਾ ਜਾਂਦਾ ਹੈ ਤਾਂ ਰੋਜ਼ਾਨਾ 60 ਰੁਪਏ ਖ਼ਰਚ ਆਉਂਦੇ ਹਨ। ਇਸੇ ਤਰ੍ਹਾਂ ਹੀ ਜੇਕਰ 4 ਕਿਲੋ ਫੀਡ ਇਸੇ ਹੀ ਪਸ਼ੂ ਨੂੰ ਦਿੰਦੇ ਹਾਂ ਤਾਂ 60 ਰੁਪਏ ਫੀਡ ਦਾ ਖ਼ਰਚ ਹੈ। ਇਸ ਦੇ ਨਾਲ ਬਾਕੀ ਖ਼ਰਚ ਜਿਵੇਂ ਕਿ ਬਿਮਾਰੀ, ਲੇਬਰ, ਵੈਕਸੀਨ, ਰਿਪੇਅਰ, ਏ.ਆਈ., ਬਿਜਲੀ ਖਰਚੇ ਆਦਿ ਤਕਰੀਬਨ 30 ਰੁਪਏ ਤੱਕ ਚਲੇ ਜਾਂਦੇ ਹਨ। ਇਸੇ ਤਰ੍ਹਾਂ ਮੋਟਾ ਖ਼ਰਚ ਤਕਰੀਬਨ 150 ਰੁਪਏ ਹੈ। ਇਹਨਾਂ ਮੁਤਾਬਕ ਅਸੀਂ ਤਕਰੀਬਨ 12 ਰੁਪਏ ਪ੍ਰਤੀ ਲਿਟਰ ਤੱਕ ਖ਼ਰਚ ਕਰਦੇ ਹਾਂ। ਪਰ ਮੇਰੇ ਕੇਸ ਵਿਚ ਇਸ ਤੋਂ ਇਲਾਵਾ 5 ਰੁਪਏ ਪ੍ਰਤੀ ਲਿਟਰ ਖ਼ਰਚ ਹੋਰ ਹੈ ਕਿਉਂਕਿ ਮੈਂ ਦੁੱਧ ਬਠਿੰਡਾ ਵਿਖੇ ਰਹਿ ਰਹੇ 250 ਪਰਿਵਾਰਾਂ ਤੱਕ ਪਹੁੰਚਾਂਦਾ ਹਾਂ। ਬਰਾੜ ਫਾਰਮ ਦੀ ਦੁੱਧ ਦੀ ਅੱਜ ਦੀ ਉਪਜ ਤਕਰੀਬਨ 600 ਲਿਟਰ ਹੈ ਜੋ ਕਿ 26 ਰੁਪਏ/ਲਿਟਰ ਦੇ ਹਿਸਾਬ ਬਠਿੰਡਾ ਵਾਸੀਆਂ ਤੱਕ ਪਹੁੰਚ ਹੁੰਦਾ ਹੈ। ਬਰਾੜ ਦੇ ਫਾਰਮ ਦੀ ਔਸਤਨ ਦੁੱਧ ਉਤਪਾਦਨ ਗਰਮੀ ਦੇ ਦਿਨਾਂ ਵਿਚ 13-14 ਲਿਟਰ ਪਰ ਸਰਦੀ ਵਿਚ 15-16 ਲਿਟਰ ਤੱਕ ਹੈ।
ਫਾਰਮ ਉਪਰ ਦੁੱਧ ਦੀ ਚੁਆਈ ਲਈ ਮਸ਼ੀਨ ਉਪਲੱਬਧ ਹਨ ਜੋ ਕਿ ਭਵਿੱਖ ਦੀ ਚੁਣੌਤੀ ਸਾਫ਼ ਸੁਥਰਾ ਉਤਪਾਦਨ ਲਈ ਅਹਿਮ ਕੜੀ ਹੈ। ਗਰਮੀ ਦੇ ਪ੍ਰਕੋਪ ਨੂੰ ਘਟਾਉਣ ਲਈ ਸੈਡ ਦੀ ਵਧੀਆ ਵਿਉਂਤਬੰਦੀ, ਫੌਗਰ ਅਤੇ ਸਪਰੈਂਕਲਰ ਮੌਜੂਦ ਹਨ। ਫਾਰਮ ਦੇ ਗੋਹੇ ਦੀ ਸਹੀ ਵਰਤੋਂ ਲਈ ਗੋਬਰ ਗੈਸ ਪਲਾਂਟ ਜੋ ਕਿ 24 ਘਣ ਮੀਟਰ ਦਾ ਹੈ, ਮੌਜੂਦ ਹੈ। ਇਹ ਗੈਸ ਜਨਰੇਟਰ ਚਲਾਉਣ ਲਈ ਕਾਫ਼ੀ ਹੈ।
ਡੇਅਰੀ ਦੀਆਂ ਮੁਸ਼ਕਲਾਂ ਦੀ ਗੱਲ ਕਰਦੇ ਆਪ ਜੀ ਮੁਤਾਬਿਕ ਸਿਰਫ਼ ਦੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਫਾਰਮ ਉਪਰ ਵੈਟਰਨਰੀ ਸਹੂਲਤਾਂ ਅਤੇ ਦੂਸਰਾ ਲੇਬਰ ਦੀ ਘਾਟ। ਲੇਬਰ ਦੀ ਘਾਟ ਦੀ ਪੂਰਤੀ ਮਸ਼ੀਨੀਕਰਨ ਨਾਲ ਪੂਰੀ ਕੀਤੀ ਜਾ ਸਕਦੀ ਹੈ ਅਤੇ ਵੈਟਰਨਰੀ ਸਹੂਲਤਾਂ ਪੇਂਡੂ ਪੱਧਰ ਉਪਰ ਲੈਣ ਲਈ ਇਸ ਵੱਲੋਂ ਆਪ ਵਧੀਆ ਟ੍ਰੇਨਿੰਗ ਪ੍ਰਾਪਤ ਕਰਨ ਦਾ ਮਨ ਹੈ।
ਉਪਿੰਦਰ ਤੋਂ ਡੇਅਰੀ ਫਾਰਮਿੰਗ ਦਾ ਧੰਦਾ ਅਪਨਾਉਣ ਲਈ ਉ਼ਤਸ਼ਾਹਿਤ ਕਿਸਾਨ ਵੀਰਾਂ ਲਈ ਵਡਮੁੱਲਾ ਸੁਨੇਹਾ ਹੈ ਕਿ ਸਭ ਤੋਂ ਪਹਿਲਾਂ ਹੱਥੀਂ ਕਿਰਤ ਦੀ ਆਦਤ ਪਾਈ ਜਾਵੇ ਅਤੇ ਇਹ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਜਾਵੇ। ਮਾੜੇ ਪਸ਼ੂ ਨਾ ਖਰੀਦੇ ਜਾਣ, ਚੰਗੇ ਪਸ਼ੂ ਜਾਂ ਤਾਂ ਖਰੀਦ ਲਏ ਜਾਣ ਜਾਂ ਫਿਰ ਥੋੜ੍ਹੇ ਪਸ਼ੂਆਂ ਦੀ ਸਹੀ ਸੰਭਾਲ ਕਰਦੇ ਹੋਏ ਵਧੀਆ ਜੱਦ ਤਿਆਰ ਕੀਤੀ ਜਾਵੇ।
ਭਵਿੱਖ ਦੀ ਪਲੈਨਿੰਗ ਪੁੱਛਣ ਉਪਰੰਤ ਆਪ ਦਾ ਬੜਾ ਸੰਖੇਪ ਜੁਆਬ ਸੀ ਕਿ ਘੱਟੋ ਘੱਟ 60 ਏਕੜ ਦੀ ਖੇਤੀਬਾੜੀ ਦੀ ਵਿਉਂਂਤ ਹੈ ਅਤੇ 1000 ਲਿਟਰ ਤੱਕ ਦੁੱਧ ਪੈਦਾ ਕਰਨਾ ਲੋਚਦਾ ਹੈ। ਇਸ ਦੀ ਪੂਰਤੀ ਲਈ ਉਹ ਘੱਟੋ-ਘੱਟ 130-140 ਗਾਂਵਾਂ ਰੱਖਣੀਆਂ ਚਾਹੁੰਦਾ ਹੈ ਤਾਂ ਜੋ ਕਿ 100 ਗਾਂਵਾਂ ਹਮੇਸ਼ਾ ਦੁੱਧ ਵਿਚ ਰਹਿਣ। ਆਪ ਜੀ ਮੁਤਾਬਿਕ ਡੇਅਰੀ ਬਹੁਤ ਵਧੀਆ ਧੰਦਾ ਹੈ ਪਰ ਹੱਥੀਂ ਕੰਮ ਕਰਨ ਨਾਲ ਕਮਾਈ ਹੈ।
ਉਮੀਦ ਹੈ ਕਿ ਇਸ ਕਾਮਯਾਬ ਗਾਥਾ ਨਾਲ ਆਉਣ ਵਾਲੇ ਭਵਿੱਖ ਵਿਚ ਵਧੀਆ ਯੂਨਿਟ ਸਥਾਪਤ ਕਰਨ ਵਿਚ ਮੱਦਦ ਹੋਵੇਗੀ।


