
ਵਿਕਾਸ ਗਾਥਾ
ਬਹੁ-ਕਿਤੇ ਅਪਨਾਉਣ ਵਾਲੀ : ਸ੍ਰੀ ਮਤੀ ਮਮਤਾ ਠਾਕੁਰ
ਜਸਵਿੰਦਰ ਕੌਰ ਬਰਾੜ,ਕ੍ਰਿਸ਼ੀ ਵਿਗਆਨ ਕੇਂਦਰ, ਬਠਿੰਡਾ
ਸ੍ਰੀ ਮਤੀ ਮਮਤਾ ਠਾਕੁਰ (29ਸਾਲ) ਬਹੁਤ ਹੀ ਮਿਹਨਤੀ, ਸਿਰੜੀ ਅਤੇ ਅਗਾਂਹ-ਵਧੂ ਵਿਚਾਰਾਂ ਦੀ ਮਾਲਿਕ ਹੈ। ਉਹ ਗਣੇਸ਼ਾ ਬਸਤੀ, ਬਠਿੰਡਾ ਵਿਖੇ ਆਪਣੇ ਛੋਟੇ ਜਿਹੇ ਜੱਦੀ ਘਰ ਵਿੱਚ ਪਸ਼ੂ ਰੱਖ ਕੇ , ਦੱਧ ਵੇਚ ਕੇ ਗ੍ਰਹਿਸਥੀ ਚਲਾੳਂਦੀ ਸੀ। ਉਸਦੇ ਤਿੰਨ ਬੱਚੇ ਹਨ ਅਤੇ ਉਸਦਾ ਪਤੀ ਬਿਮਾਰ ਰਹਿੰਦਾ ਹੈ ਜਿਸ ਕਰਕੇ ਉਹ ਜ਼ਿਆਦਾ ਕੰਮ ਨਹੀ ਕਰ ਸਕਦਾ। ਇਸ ਕਰਕੇ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਧਾਰਾਂ ਆਦਿ ਕੱਢਣ ਦਾ ਕੰਮ ਮਮਤਾ ਖੁਦ ਹੀ ਕਰਦੀ ਹੈ। ਉਹ ਘਰ ਵਿੱਚ ਹੀ ਕੋਈ ਅਜਿਹਾ ਹਲਕਾ ਕੰਮ ਕਰਨਾ ਚਾਹੁੰਦੀ ਸੀ ਜਿਸ ਵਿੱਚ ਕਿ ਉਸਦਾ ਬਿਮਾਰ ਪਤੀ ਉਸਦੀ ਕੁੱਝ ਮਦਦ ਕਰ ਸਕੇ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਉਸਦੀ ਇਹ ਉਦਮੀ ਸੋਚ ਉਸਨੂੰ ਇੱਕ ਦਿਨ ਕੇ. ਵੀ. ਕੇ. ਬਠਿੰਡਾ ਲੈ ਆਈ। ਉਸਨੇ ਜੂਨ, 2016 ਵਿੱਚ ਇੱਥੇ ਇੱਕ ਹਫ਼ਤੇ (01.06.16 ਤੋਂ 07.06.16 ਤੱਕ) ਫ਼ਲਾਂ ਅਤੇ ਸਬਜ਼ੀਆ ਦੀ ਪ੍ਰੋਸੈਸਿੰਗ ਸਬੰਧੀ ਸਿਖਲਾਈ ਲੈਣ ਉਪਰੰਤ ਘਰ ਵਿੱਚ ਹੀ ਅਚਾਰ, ਚਟਣੀਆਂ, ਜੈਮ, ਸੁਕਾਇਸ਼ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ। ਉਸਦੇ ਘਰੋਂ ਦੁੱਧ ਲਿਜਾਣ ਵਾਲੇ ਗਾਹਕਾਂ ਨੇ ਉਸਦੇ ਬਣਾਏ ਅਚਾਰ, ਚਟਣੀਆਂ ਬਹੁਤ ਪਸੰਦ ਕੀਤੇ ਅਤੇ ਛੇਤੀ ਹੀ ਉੋਨੂੰ ਇਸ ਸਬੰਧੀ ਆਰਡਰ ਬੁੱਕ ਹੋਣ ਲੱਗੇ। ਇਸ ਤਰ੍ਹਾਂ ਉਸਨੂੰ ਚੰਗੀ ਕਮਾਈ ਹੋਣ ਲੱਗੀ ਅਤੇ ਇਸ ਕਿੱਤੇ ਸਬੰਧੀ ਉਸਦੀ ਰੁਚੀ ਹੋਰ ਵਧ ਗਈ।
ਸਰਦੀਆਂ ਦੇ ਮੋਸਮੀ ਫ਼ਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਿੱਖਣ ਦੀ ਮਨਸ਼ਾ ਨਾਲ ਜਨਵਰੀ, 2017 ਵਿੱਚ ਉਸਨੇ ਫਿਰ ਆਰਿਆ (ARYA ) ਪ੍ਰੋਜੈਕਟ ਅਧੀਨ ਇੱਕ ਹਫ਼ਤੇ (16.01.17 ਤੋਂ 24.01.17) ਦੀ ਫ਼ਲ, ਸਬਜ਼ੀਆਂ ਅਤੇ ਦੁੱਧ ਦੀ ਪ੍ਰੋਸੈਸਿੰਗ ਸਬੰਧੀ ਸਿਖਲਾਈ ਲਈ ਅਤੇ ਇਸ ਤਰਾਂਹ ਉਹ ਵੱਖ-ਵੱਖ ਤਰ੍ਹਾਂ ਦੇ ਅਚਾਰ ਜਿਵੇਂ ਕਿ ਗੋਭੀ ,ਗਾਜਰ, ਸ਼ਲਗਮ ਦਾ ਰਲਿਆ ਮਿਲਆ ਅਚਾਰ, ਕੱਦੂ $ ਗਾਜਰ ਦੀ ਚਟਣੀ, ਆਵਲਾਂ ਮਰੁੱਬਾ , ਨਿੰਬੂ ਦਾ ਅਚਾਰ ਤੇ ਸੁਕਾਇਸ਼, ਮਿਰਚ ਤੇ ਅਦਰਕ ਦਾ ਅਚਾਰ ਅੰਬ ਦਾ ਅਚਾਰ ਅਤੇ ਚਟਣੀ ਆਦਿ ਵੇਚ ਕੇ 12,000 ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਹੁਣ ਉਹ ਦੁੱਧ ਵੇਚਣ ਦੇ ਨਾਲ-ਨਾਲ ਪਨੀਰ ਖੋਆ ਆਦਿ ਵੀ ਆਰਡਰ ਤੇ ਬਣਾ ਕੇ ਵੇਚਦੀ ਹੈ। ਉਸਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਕੇ.ਵੀ.ਕੇ, ਬਠਿੰਡਾ ਨਾਲ ਜੁੜ ਕੇ ਉਹ ਕੁੱਲ ਮਿਲਾ ਕੇ 25,000 ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਇੱਥੇ ਹੀ ਬੱਸ ਨਹੀਂ, ਮਈ 2017 ਵਿੱਚ ਉਸਨੇ ਹੁਣ ਕੇ. ਵੀ. ਕੇ. ਤੋਂ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਵੀ ਲਈ। ਇਹ ਟੇ੍ਰਨਿੰਗ ਲੈਣ ਤੋਂ ਬਆਦ ੳਸਨੇ 4 ਮੱਝਾਂ ਅਤੇ 2 ਗਾਵਾਂ ਹੋਰ ਖਰੀਦ ਲਈਆਂ। ਇਸ ਵਾਸਤੇ ਉਸਨੇ ਐਚ.ਡੀ.ਐਫ਼. ਸੀ. ਬੈਂਕ ਅਤੇ ਹੋਰ ਪ੍ਰਾਈਵੇਟ ਕੰਪਨੀਆਂ ਤੋਂ ਸਵਾ ਦੋ ਲੱਖ ਰੁਪਏ ਦਾ ਲੋਨ ਲਿਆ। ਹੁਣ ਉਹ 30 ਕਿਲੋ ਦੁੱਧ 50 ਰੁਪਏ ਕਿਲੋ ਦੇ ਹਿਸਾਬ ਨਾਲ ਹਰ ਰੋਜ਼ ਵੇਚਦੀ ਹੈ ਅਤੇ ਇਸ ਤਰ੍ਹਾਂ ਸਾਰੇ ਖ਼ਰਚੇ ਆਦਿ ਕੱਢ ਕੇ 20,000 ਰੁਪਏ ਮਹੀਨਾ ਬਚਾ ਲੈਂਦੀ ਹੈ।ਉਸ ਦਾ ਕਹਿਣਾ ਹੈ ਕਿ ਉਹ ਦੁੱਧ ਤੋਂ ਲੱਸੀ, ਦਹੀਂ ਆਦਿ ਬਣਾ ਕੇ ਵੀ ਸੇਲ ਕਰੇਗੀ ਜਿਸ ਨਾਲ ਕਿ ਉਸਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ। ਉਸਨੇ ਆਪਣੇ ਥੋੜ੍ਹੇ ਜਿਹੇ ਥਾਂ ਵਿੱਚ ਖੱਡਾਂ ਬਣਾ ਕੇ 7-8 ਮੁਰਗੀਆਂ ਵੀ ਸ਼ੋਕੀਆਂ ਤੌਰ ਤੇ ਘਰੇਲੂ ਲੋੜ ਲਈ ਰੱਖੀਆਂ ਹੋਈਆਂ ਹਨ। ਉਸ ਦਾ ਕਹਿਣਾ ਹੈ ਕਿ ਸਿਖਲਾਈ ਲੈ ਕੇ ਉਹ ਇਸ ਕੰਮ ਨੂੰ ਵੀ ਹੋਰ ਵਧਾਵੇਗੀ।
ਉਸਨੇ ਕੇ. ਵੀ. ਕੇ. ਬਠਿੰਡਾ ਵਿਖੇ ਹੋਰ ਸਿਖਆਰਥਣਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਕੇ. ਵੀ. ਕੇ. ਨੇ ਉਸਨੂੰ ਇੱਕ ਵਧੀਆ ਰੁਜ਼ਗਾਰ ਦਿੱਤਾ ਹੈ ਅਤੇ ਉਸਨੂੰ ਆਪਣੀ ਇਸ ਸਫ਼ਲਤਾ ਉੱਤੇ ਮਾਣ ਹੈ ।ਮਮਤਾ ਹੋਰ ਬੀਬੀਆਂ ਲਈ ਚਾਨਣ^ਮੁਨਾਰਾ ਹੈ। ਉਸਦੀ ਸਫ਼ਲਤਾ ਤੋ ਪ੍ਰੇਰਿਤ ਹੋ ਕੇ ਹੋਰ ਬੀਬੀਆਂ ਨੇ ਵੀ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ ਕੋਰਸਾਂ ਵਿੱਚ ਆਪਣੇ ਨਾਮ ਦਰਜ ਕਰਵਾਏ।ਸੋ ਮਮਤਾ ਠਾਕੁਰ ਦੀ ਇਸ ਵਿਕਾਸ ਗਾਥਾ ਨੂੰ ਪੜ੍ਹ ਕੇ ਹੋਰ ਕੋਈ ਵੀ ਲੋੜਵੰਦ ਚਾਹਵਾਨ ਬੀਬੀਆਂ ਭੈਣਾਂ ਜੋ ਆਪਣੇ ਘਰੇਲੂ ਆਰਥਿਕਤਾ ਸੁਧਾਰਨ ਲਈ ਕੋਈ ਕਿੱਤਾ ਅਪਨਾਉਣਾ ਚਾਹੁੰਦੀਆਂ ਹਨ, ਆਪਣੇ ਜਾਂ ਨਾਲ ਲੱਗਦੇ ਜ਼ਿਲੇ ਦੇ ਕ੍ਰਿਸ਼ੀ ਵਿਗਆਨ ਕੇਂਦਰਾਂ ਨਾਲ ਸੰਪਰਕ ਕਰਕੇ ਇਸ ਮੁਫ਼ਤ ਦਿੱਤੀ ਜਾਣ ਵਾਲੀ ਕਿੱਤਾ^ਮੁਖੀ ਸਿਖਲਾਈ ਲਈ ਨਾਮ ਦਰਜ ਕਰਵਾ ਸਕਦੀਆਂ ਹਨ। ਇਹ ਵੱਖ-ਵੱਖ ਜ਼ਿਲਆ ਵਿਖੇ ਸਥਿਤ ਕ੍ਰਿਸ਼ੀ ਵਿਗਆਨ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਅਤੇ ਆਈ. ਸੀ. ਏ. ਆਰ (ICAR ) ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕੰਮ ਕਰਦੇ ਹਨ ਅਤੇ ਹਰ ਸਿਖਆਰਥੀ ਨੂੰ ਸਫ਼ਲਤਾ -ਪੂਰਵਕ ਪੂਰੇ ਕੀਤੇ ਗਏ ਕਿੱਤਾਮੁਖੀ ਸਿਖਲਾਈ ਕੋਰਸ ਸਬੰਧੀ ਸਾਰਟੀਫਿਕੇਟ ਵੀ ਦਿੱਤਾ ਜਾਂਦਾ ਹੈ।
ਜਸਵਿੰਦਰ ਕੌਰ ਬਰਾੜ
98152-54371


