
ਕਾਮਯਾਬ ਗਾਥਾ – ਡੇਅਰੀ ਦਾ ਚਾਨਣ-ਮੁਨਾਰਾ – ਖੁਸ਼ਦੀਪ ਸਿੰਘ (ਬੱਬੀ ਚੱਠਾ)
ਅਜੀਤਪਾਲ ਸਿੰਘ ਧਾਲੀਵਾਲ ਕੇ ਵੀ ਕੇ ਬਠਿੰਡਾ
ਕ੍ਰਿਸ਼ੀ ਵਿਗਿਆਨ ਕੇਂਦਰ, ਜਿਨ੍ਹਾਂ ਨੂੰ ਆਮ ਕਰਕੇ ਕੇ.ਵੀ.ਕੇ. ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਸਿਖਲਾਈ ਕੋਰਸ ਕਰਵਾਉਂਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਸਾਲ 1991-92 ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਮੱਦਦ ਨਾਲ ਹੋਂਦ ਵਿਚ ਆਇਆ। ਕੇ.ਵੀ.ਕੇ. ਵਿਚ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਅਤੇ ਸੂਰ ਪਾਲਣ ਨਾਲ ਸਬੰਧਤ ਕਿੱਤਾ-ਮੁਖੀ ਸਿਖਲਾਈ ਕੋਰਸ, ਥੋੜ੍ਹੇ ਅਰਸੇ ਦੇ ਸਿਖਲਾਈ ਕੋਰਸ ਅਤੇ ਪਸਾਰ ਕਾਮਿਆਂ ਲਈ ਕੋਰਸ ਆਯੋਜਿਤ ਕਰਦਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਦਾ ਨਾਮ ਉਸੇ ਸਮੇਂ ਸ਼ਾਨ ਨਾਲ ਉ਼ਠਬਸੱਚਾ ਹੁੰਦਾ ਹੈ ਜਦੋਂ ਇਸ ਤੋਂ ਸਿਖਲਾਈ ਪ੍ਰਾਪਤ ਡੇਅਰੀ ਫਾਰਮਰ ਤਰੱਕੀ ਦੀਆਂ ਰਾਹਾਂ ਨੂੰ ਛੋਂਹਦਾ ਹੈ। ਇਸ ਤਰ੍ਹਾਂ ਦੀ ਹੀ ਇਕ ਮਸਾਲ ਸਾਡੇ ਸਾਹਮਣੇ ਹੈ ਸ੍ਰ. ਖੁਸ਼ਦੀਪ ਸਿੰਘ ਜਿਸ ਨੂੰ ਇਲਾਕੇ ਵਿਚ ਬੱਬੀ ਜਾਂ ਬੱਬੀ ਚੱਠਾ ਦੇ ਨਾਮ ਨਾਲ ਸਾਰੇ ਹੀ ਕਿਸਾਨ ਵੀਰ ਭਲੀ-ਭਾਂਤ ਜਾਣਦੇ ਹਨ। ਕੇ.ਵੀ.ਕੇ. ਤੋਂ 28 ਕਿਲੋਮੀਟਰ ਦੀ ਦੂਰੀ ਤੇ ਇਤਿਹਾਸਕ ਜਗ੍ਹਾ ਪਿੰਡ ਤਲਵੰਡੀ ਸਾਬੋ ਜਿਸ ਨੂੰ ਪੰਜਾਬ ਦਾ ਹਰ ਨਾਗਰਿਕ ਜਾਣਦਾ ਹੈ ਅਤੇ ਗੁਰੂ ਸਾਹਿਬਾਨਾਂ ਦੀ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਉਪਰ ਇਸ ਵੀਰ ਦਾ ਜਨਮ ਹੋਇਆ।
ਖੁਸ਼ਦੀਪ ਸਿੰਘ ਦਾ ਜਨਮ 4 ਜੂਨ 1966 ਨੂੰ ਸ੍ਰ. ਬਿਕਰਮਜੀਤ ਸਿੰਘ ਦੇ ਘਰ ਮਾਤਾ ਸੁਰਿੰਦਰ ਕੌਰ ਜੀ ਦੀ ਭਾਗਾਂ ਭਰੀ ਕੁੱਖ ਵਿਚੋਂ ਹੋਇਆ। ਮੁੱਢਲੀ ਵਿੱਦਿਆ, ਦਸਵੀਂ ਪੱਧਰ ਤੱਕ ਤਲਵੰਡੀ ਸਾਬੋ ਤੋਂ ਪ੍ਰਾਪਤ ਕਰਨ ਉਪਰੰਤ 1989-90 ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਅਤੇ ਡੇਅਰੀ ਸਿਖਲਾਈ ਕੇਂਦਰ, ਸਰਦੂਲਗੜ੍ਹ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ। ਲਗਾਤਾਰ ਡੇਅਰੀ ਵਿਕਾਸ ਵਿਭਾਗ, ਪਸ਼ੂ ਖ਼ੁਰਾਕ ਅਤੇ ਚਾਰਾ ਵਿਭਾਗ, ਵੈਟਰਨਰੀ ਵਿਭਾਗ, ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਹੋਰ ਸਾਰੇ ਹੀ ਖੇਤੀ ਅਤੇ ਖੇਤੀ ਨਾਲ ਸਬੰਧਤ ਅਦਾਰਿਆਂ ਦਾ ਹਰਮਨ ਪਿਆਰਾ ‘ਬੱਬੀ’ ਲਗਾਤਾਰ ਅੱਗੇ ਵਧਣ ਲੱਗਾ। ਸੁਭਾਅ ਪੱਖੋਂ ਹਸਮੁੱਖ, ਮਿਲਾਪਣਾ, ਸੂਝਵਾਨ ਅਤੇ ਆਦਰ-ਸਤਿਕਾਰ ਕਰਨ ਵਾਲਾ ਵੀਰ 2006 ਵਿਚ ਤਲਵੰਡੀ ਸਾਬੋ ਤੋਂ ਰਾਮਾਂ ਰੋਡ ਉਪਰ (2 ਕਿਲੋਮੀਟਰ) ਸਥਿਤ ਆਪਣੀ ਹੀ 50 ਏਕੜ ਜ਼ਮੀਨ ਵਿਚ ਡੇਅਰੀ ਦਾ ਧੰਦਾ ਸ਼ੁਰੂ ਕਰਨ ਲਈ ਤਿਆਰ ਹੋਇਆ। ਲਗਾਤਾਰ ਕੇ.ਵੀ.ਕੇ. ਅਤੇ ਡੇਅਰੀ ਵਿਕਾਸ ਵਿਭਾਗ ਦੀ ਰਹਿ-ਨੁਮਾਈ ਅਤੇ ਸੁਚਾਰੂ ਸੇਧਾਂ ਅਨੁਸਾਰ ਬੱਬੀ ਨੇ ਘਰੇਲੂ ਪੰਜ-ਪਸ਼ੂ ਅਤੇ ਇਲਾਹਾਬਾਦ ਬੈਂਕ, ਮਾਨਸਾ ਦੀ ਵਿੱਤੀ ਸਹਾਇਤਾ ਨਾਲ 25-ਪਸ਼ੂ ਹੋਰ ਖਰੀਦਣ ਉਪਰੰਤ 30-ਪਸ਼ੂਆਂ ਨਾਲ ਡੇਅਰੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸੇ ਬੈਂਕ ਦੀ ਵਿੱਤੀ ਸਹਾਇਤਾ ਨਾਲ ਤਕਰੀਬਨ 18 ਲੱਖ ਨਾਲ ਅਤੀ ਆਧੁਨਿਕ ਸਾਫ਼ ਸੁਥਰਾ, ਹਵਾਦਾਰ ਅਤੇ ਅਰਾਮਦਾਇਕ ਸ਼ੈਡੱ ਤਿਆਰ ਕਰਕੇ ਆਧੁਨਿਕ ਡੇਅਰੀ ਦਾ ਨੀਂਹ ਪੱਥਰ ਰੱਖਿਆ। ਬੱਬੀ ਨੇ ਸਾਰੇ ਹੀ 25-ਪਸ਼ੂ ਵਿਗਿਆਨੀਆਂ ਦੇ ਤਜ਼ਰਬੇ ਸਾਂਝੇ ਕਰਨ ਉਪਰੰਤ ਨੇੜੇ ਦੇ ਪਿੰਡਾਂ ਵਿਚੋਂ ਤੁਰ-ਫਿਰ ਕੇ ਖਰੀਦੇ। ਇਸ ਦੇ ਨਾਲ ਹੀ ਸੰਨ 2009 ਵਿਚ ਫਿਰ ਮਨਸੂਈ ਗਰਭਦਾਨ ਦੀ 45 ਦਿਨ ਦੀ ਸਿਖਲਾਈ ਸਰਦੂਲਗੜ੍ਹ ਸੈਂਟਰ ਤੋਂ ਪ੍ਰਾਪਤ ਕੀਤੀ। ਅੱਜ ਦੇ ਦਿਨ ਤੱਕ ਇਹਨਾਂ ਪਸ਼ੂਆਂ ਦਾ ਵਾਧਾ ਵਿਕਾਸ ਅਤੇ ਜੱਦ ਦੀ ਬੜੋਤਰੀ ਉਪਰੰਤ ਬੱਬੀ ਨੇ ਡੇਅਰੀ ਫਾਰਮ ਦੀ 90 ਪਸ਼ੂਆਂ ਦੀ ਗਿਣਤੀ ਦਾ ਟੀਚਾ ਹਾਸਿਲ ਕਰ ਲਿਆ ਹੈ। ਇਹਨਾਂ ਵਿਚੋਂ 55 ਪਸ਼ੂ ਵੱਡੇ, 20 ਵਹਿੜਾਂ ਅਤੇ 15 ਕੱਟੜੂ-ਵਛੜੂਆਂ ਦੀ ਗਿਣਤੀ ਹੈ। ਸਾਡੇ ਕਿਸਾਨ ਵੀਰਾਂ ਨੂੰ ਬਹੁਤ ਹੀ ਮਹੱਤਵਪੂਰਨ ਸੂਚਨਾ ਹੈ ਕਿ ਬੱਬੀ ਦੁਆਰਾ ਸਿਰਫ਼ ਇਕ ਵਾਰ 25 ਗਾਵਾਂ ਖਰੀਦਣ ਉਪਰੰਤ ਅੱਜ ਤੱਕ ਦੀ ਸਾਰੀ ਹੀ ਗਿਣਤੀ ਆਪਣੀ ਜੱਦ ਵਿਚੋਂ ਹੀ ਤਿਆਰ ਕੀਤੀ ਹੈ। ਬੱਬੀ ਦੁਆਰਾ ਮਨਸੂਈ ਗਰਭਦਾਨ ਸਿੱਖਣ ਉਪਰੰਤ ਆਪਣੇ ਫਾਰਮ ਉਪਰ ਸਾਰੇ ਹੀ ਪਸ਼ੂਆਂ ਦਾ ਗਰਭਦਾਨ ਆਪ ਕਰਦਾ ਹੈ। ਇਸ ਪਾਸ ਆਪਣਾ 10 ਲੀਟਰ ਦਾ ਸਿਲੰਡਰ ਹੈ ਅਤੇ ਇਸ ਗਰਭਦਾਨ ਦੇ ਟੀਕੇ ਨੈਸਲੇ ਅਤੇ ਪੀ.ਡੀ.ਐਫ.ਏ. ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਸ ਘਰੇਲੂ ਪੱਧਰ ਉਪਰ ਆਪੇ ਕੀਤੇ ਇਲਾਜ ਦਾ ਜੁਆਬ ਇਹ ਹੈ ਕਿ ਇਕ ਵੀ ਪਸ਼ੂ ਸਾਰੇ ਫਾਰਮ ਉਪਰ ਖ਼ਰਾਬ ਨਹੀਂ ਹੋਇਆ ਅਤੇ 80 ਪ੍ਰਤੀਸ਼ਤ ਮਨਸੂਈ ਗਰਭਦਾਨ ਦਾ ਨਤੀਜਾ ਹਾਸਿਲ ਹੈ। ਇਹਨਾਂ ਦੁਧਾਰੂਆਂ ਲਈ 50 ਏਕੜ ਜ਼ਮੀਨ ਵਿਚ 20 ਏਕੜ ਇਕੱਲੇ ਪੱਠੇ ਹਨ, 8 ਏਕੜ ਬਾਗ ਹੈ ਅਤੇ ਬਾਕੀ 32 ਏਕੜ ਨਰਮਾ ਬੀਜਿਆ ਜਾਂਦਾ ਹੈ। ਡੇਅਰੀ ਸ਼ੈਡ ਦੀ ਵਾਸ਼ਿੰਗ ਸ਼ੈਡੱ ਦੇ ਨਜ਼ਦੀਕ ਟੈਂਕ ਵਿਚ ਜਮ੍ਹਾਂ ਕਰਕੇ ਸਾਰੀ ਜ਼ਮੀਨ ਨੂੰ ਦਿੱਤੀ ਜਾਂਦੀ ਹੈ ਜੋ ਕਿ ਔਰਗੈਨਿਗ ਫਾਰਮਿੰਗ ਦਾ ਧੁਰਾ ਹੈ। ਇਸ ਨਾਲ ਰਸਾਇਣਕ ਖ਼ਾਦਾਂ ਦੀ ਬੱਚਤ ਹੁੰਦੀ ਹੈ।
ਬੱਬੀ ਦੇ ਆਧੁਨਿਕ ਡੇਅਰੀ ਫਾਰਮ ਉਪਰ ਰੋਜ਼ਾਨਾ 40 ਕਿਲੋ ਹਰਾ ਪਾਇਆ ਜਾਂਦਾ ਹੈ ਅਤੇ ਖ਼ੁਰਾਕ ਵਿਗਿਆਨਕ ਤਜ਼ਰਬਿਆਂ ਤੇ ਅਧਾਰਿਤ 2 ਕਿਲੋ ਦੁੱਧ ਪਿੱਛੇ 1 ਕਿਲੋ ਪਾਈ ਜਾਂਦੀ ਹੈ। ਹਰਾ ਘਟ ਜਾਣ ਸਮੇਂ ਖ਼ੁਰਾਕ ਵਿਚ 4-5 ਕਿਲੋ ਤੂੜੀ ਵੀ ਦਿੱਤੀ ਜਾਂਦੀ ਹੈ। ਵਾਧੂ ਹਰੇ ਚਾਰੇ ਦਾ ਸਾਈਲੇਜ਼ ਬਣਾਇਆ ਜਾਂਦਾ ਹੈ ਅਤੇ ਇਹ ਸਾਈਲੇਜ਼ 20-25 ਕਿਲੋ ਤੱਕ ਖ਼ੁਰਾਕ ਵਿਚ ਹਰਾ ਚਾਰਾ ਘਟਣ ਦੀ ਸੂਰਤ ਵਿਚ ਪਾਉਂਦਾ ਹੈ। ਪਸ਼ੂ ਖ਼ੁਰਾਕ ਨੂੰ ਘਰੇਲੂ ਪੱਧਰ ਉਪਰ ਤਿਆਰ ਕੀਤਾ ਜਾਂਦਾ ਹੈ। ਇਸ ਕੰਮ ਲਈ ਛੋਟੀ ਚੱਕੀ ਘਰੇ ਲਾ ਕੇ ਘਰੇਲੂ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ।
ਘਰੇਲੂ ਖ਼ੁਰਾਕ ਵਿਚ ਦਾਣਾ (ਮੱਕੀ, ਚੌਲਾਂ ਦੀ ਕਣੀ, ਕਣਕ ਅਤੇ ਜੌਂ) ਪਾਇਆ ਜਾਂਦਾ ਹੈ ਅਤੇ ਖ਼ਲਾਂ ਵਿਚ ਸਰੋਂ ਦੀ ਖ਼ਲ, ਗੁਆਰਾ ਕੋਰਮਾ, ਵੜੇਵੇਂ ਅਤੇ ਸੋਇਆਬੀਨ ਦਾ ਸੇਵਨ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਧਾਤਾਂ ਦਾ ਚੂਰਾ, ਨਮਕ, ਬਫ਼ਰ, ਬਾਈਪਾਸ ਫੈਟ, ਡੀ.ਓ.ਸੀ., ਚੋਕਰ ਅਤੇ ਚਿਲੇਟਿਡ ਮਿਨਰਲ ਵੀ ਪਾਏ ਜਾਂਦੇ ਹਨ।
ਜਦੋਂ ਵੀ ਕੋਈ ਕਿਸਾਨ ਵੀਰ ਬੱਬੀ ਚੱਠਾ ਫਾਰਮ ਉਪਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਮਦਨ ਦੀ ਗੱਲ ਕਰਦਾ ਹੈ, ਪਰ ਬੱਬੀ ਅਕਸਰ ਹੱਸ ਕੇ ਇਹੀ ਉਤਰ ਦਿੰਦਾ ਹੈ ਕਿ ਉਸ ਦੀ ਜੇਬ ਕਦੇ ਵੀ ਖ਼ਾਲੀ ਨਹੀਂ ਹੋਈ ਅਤੇ ਨਾ ਹੀ ਕਦੇ ਆੜਤੀਏ ਤੋਂ ਪੈਸੇ ਲਏ ਹਨ। ਉਸ ਦੀ ਜ਼ੁਬਾਨੀ ਹੈ ਕਿ ਇਕ ਆਮ ਦੁੱਧ ਦੇਣ ਵਾਲੀ ਦੋਗਲੀ ਗਾਂ ਔਸਤਨ 14 ਕਿਲੋ ਦੁੱਧ ਉਪਰ ਖ਼ਰਚ ਅਤੇ ਆਮਦਨ ਇਸ ਪ੍ਰਕਾਰ ਹੈ –
ਡੇਅਰੀ ਖ਼ਰਚੇ (14 ਕਿਲੋ ਦੁੱਧ ਦੇਣ ਵਾਲੀ ਲਵੇਰੀ ਦਾ ਰੋਜ਼ਾਨਾ ਖ਼ਰਚਾ)
| ਲੜੀ ਨੰ. | ਵੇਰਵਾ | ਮਿਕਦਾਰ | ਖ਼ਰਚਾ (ਰੁਪਏ) |
| 1 | ਫੀਡ | 6 ਕਿਲੋ ‘ 14 ਰੁਪੈ ਪ੍ਰਤੀ ਕਿਲੋ | 84 |
| 2 | ਚਾਰਾ | 40 ਕਿਲੋ ‘ 60 ਰੁਪੈ ਪ੍ਰਤੀ ਕਿਲੋ | 24 |
| 3 | ਤੂੜੀ | 2 ਕਿਲੋ ‘ 4 ਰੁਪੈ ਪ੍ਰਤੀ ਕਿਲੋ | 08 |
| 4 | ਲੇਬਰ | 10 | |
| 5 | ਦਵਾਈ/ਮਨਸੂਈ ਗਰਭਦਾਨ | 05 | |
| 6 | ਵਿਆਜ਼ | 30 | |
| 7 | ਬਿਜਲੀ, ਪਾਣੀ ਆਦਿ | 05 | |
| 8 | ਟੁੱਟ-ਭੱਜ ਆਦਿ | 05 | |
| ਕੁੱਲ | 171 |
ਡੇਅਰੀ ਆਮਦਨ (14 ਕਿਲੋ ਦੁੱਧ ਦੇਣ ਵਾਲੀ ਲਵੇਰੀ)
1. ਦੁੱਧ 14 ਕਿਲੋ ‘ 18 ਰੁਪੈ ਪ੍ਰਤੀ ਕਿਲੋ 252
ਬੱਚਤ ਆਮਦਨ – ਖ਼ਰਚਾ 252 – 171 81 ਰੁਪਏ
ਬੱਚਤ ਇਕ ਲਵੇਰੀ ਇਕ 80 ਰੁਪਏ
ਬੱਚਤ ਇਕ ਲਵੇਰੀ ਇਕ ਮਹੀਨਾ 80 x 30 2400 ਰੁਪਏ
ਇਕ ਏਕੜ 4 ਲਵੇਰੀ ਪਾਲਣ ਉਪਰੰਤ 2400 x 12 x 4 =1,15, 200 ਰੁਪਏ
ਇਸ ਗੱਲ ਤੋਂ ਸੁਭਾਵਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਰੇ ਹੀ ਖ਼ਰਚੇ ਵੱਧ ਤੋਂ ਵੱਧ ਲਾਉਣ ਉਪਰੰਤ ਇਕ ਏਕੜ ਝੋਨੇ/ਨਰਮੇ/ਕਣਕ ਦੀ ਨਿਸਬਤ ਸਿਰਫ਼ 4-ਦੋਗਲੀਆਂ ਗਾਵਾਂ ਰੱਖਣ ਨਾਲ ਕਾਫ਼ੀ ਆਮਦਨ ਵਿਚ ਵਾਧਾ ਕਰਦਾ ਹੈ।
ਇਸ ਤੋਂ ਵਿਲੱਖਣ ਗੱਲ ਇਹ ਹੈ ਕਿ ਇਸ ਫਾਰਮ ਉਪਰ ਗਰਮੀ ਘਟਾਉਣ ਲਈ ਡਰਿੱਪ ਦੀਆਂ ਪਾਈਪਾਂ ਦੀ ਵਰਤੋਂ ਕਰਕੇ ਨੌਜਲਾਂ ਨਾਲ ਫੌਗਰ ਵਰਤੇ ਜਾਂਦੇ ਹਨ ਜੋ ਸਸਤੇ ਅਤੇ ਵਧੀਆ ਪ੍ਰਦਰਸ਼ਨ ਕਰਦੇ ਹਨ। ਸ਼ੈਡ ਅੰਦਰ ਮੱਖੀ/ਮੱਛਰ ਦੀ ਰੋਕਥਾਮ ਪੂਰਨ ਤੌਰ ਤੇ ਹੈ। ਕਿਸੇ ਵੀ ਪਸ਼ੂ ਉਪਰ ਕੋਈ ਵੀ ਚਿੱਚੜ/ਚਿਚੜੀ ਦਿਖਾਈ ਨਹੀਂ ਦਿੰਦੇ। ਥਣਾਂ ਉਪਰ ਧਾਰਾਂ ਕੱਢਣ ਉਪਰੰਤ ਸਪਰੇਅ ਕੀਤੀ ਜਾਂਦੀ ਹੈ ਤਾਂ ਜੋ ਕਿ ਹਵਾਨੇ ਦੀ ਹਰ ਸਮੱਸਿਆ ਦਾ ਕਾਬੂ ਰੱਖਿਆ ਜਾ ਸਕੇ।
ਬੱਬੀ ਮਾਰਚ 2000 ਦੌਰਾਨ ਜ਼ਿਲ੍ਹਾ ਬਠਿੰਡਾ ਦਾ ਸਭ ਤੋਂ ਵਧੀਆ ਡੇਅਰੀ ਫਾਰਮ ਚੁਣਿਆ ਗਿਆ ਜਿਸ ਵਿਚ ਇਸ ਨੂੰ 10,000 ਰੁਪਏ ਦਾ ਨਗਦ ਇਨਾਮ ਆਤਮਾ ਸਕੀਮ ਅਧੀਨ ਵਧੀਕ, ਡਿਪਟੀ ਕਮਿਸ਼ਨਰ, ਬਠਿੰਡਾ ਤੋਂ ਪ੍ਰਾਪਤ ਹੋਇਆ। ਇਸਦੇ ਨਾਲ ਹੀ ਬਠਿੰਡਾ ਪਸ਼ੂ ਮੇਲਾ 2008 ਦੌਰਾਨ ਇਸ ਦੀ ਗਾਂ 38 ਕਿਲੋ 200 ਗ੍ਰਾਮ ਦੁੱਧ ਦੇਣ ਨਾਲ ਤੀਜੇ ਸਥਾਨ ਉਪਰ ਰਹੀ ਅਤੇ ਇਕ ਵਹਿੜ ਚੌਥੀ ਪੁਜੀਸ਼ਨ ਹਾਸਲ ਕਰਕੇ ਆਈ। ਇਸ ਫਾਰਮ ਉਪਰ ਸਰਦੂਲਗੜ੍ਹ ਸੈਂਟਰ ਦੀ ਕਲਾਸ ਲਗਾਤਾਰ ਸਾਰਾ ਸਾਲ ਦੌਰਾ ਕਰਦੀ ਹੈ ਅਤੇ ਆਤਮਾ ਦਾ ਟੇ੍ਰਨਿੰਗ ਸਕੂਲ ਵੀ ਵਧੀਆ ਚੱਲ ਰਿਹਾ ਹੈ।
ਬੱਬੀ ਦੀ ਆਖ਼ਰੀ ਜ਼ੁਬਾਨੀ ਹੈ ਕਿ ਹਰ ਕਿਸਾਨ ਵੀਰ ਜੋ ਵੀ ਇਸ ਧੰਦੇ ਵਿਚ ਆਉਣਾ ਚਾਹੁੰਦਾ ਹੈ, ਡੇਅਰੀ ਦੇ ਚਾਰ ਕੋਨੇ – ਫੀਡ, ਨਸਲ, ਛੱਤ ਅਤੇ ਖ਼ੁਦ, ਚਾਰੇ ਪੂਰੇ ਹੋਣ ਉਪਰੰਤ ਹੀ ਇਸ ਧੰਦੇ ਨੂੰ ਅਪਣਾਵੇ। ਇਸ ਤੋਂ ਇਲਾਵਾ ਜੋ ਇਸਨੇ ਪਸ਼ੂਆਂ ਉਪਰ ਉਸ ਸਮੇਂ 6 ਲੱਖ ਰੁਪਏ ਲਗਾਏ ਸਨ ਉਹਨਾਂ ਦੀ ਅੱਜ ਦੀ ਕੀਮਤ ਘੱਟੋ-ਘੱਟ 35 ਲੱਖ ਰੁਪਏ ਹੈ ਜੋ ਕਿਸੇ ਵੀ ਧੰਦੇ ਵਿਚ 3 ਤੋਂ ਸਾਢੇ 3 ਸਾਲ ਵਿਚ ਨਹੀਂ ਹੋ ਸਕਦੀ। ਬੱਬੀ ਇਸ ਸਮੇਂ ਆਪਣੇ ਪਰਿਵਾਰ ਵਿਚ ਪਤਨੀ ਸਿਮਰਤ ਕੌਰ (ਮਿਠੜੀ ਵਾਲੇ) ਅਤੇ 2 ਬੇਟੀਆਂ ਅਤੇ ਇਕ ਬੇਟੇ ਨਾਲ ਬਹੁਤ ਹੀ ਵਧੀਆ ਜੀਵਨ ਬਤੀਤ ਕਰ ਰਿਹਾ ਹੈ। ਇਸ ਫਾਰਮ ਨੂੰ ਦੇਖਣ, ਸਲਾਹ ਕਰਨ ਉਪਰੰਤ 25-30 ਵਧੀਆ ਫਾਰਮ ਹੋਰ ਹੋਂਦ ਵਿਚ ਆ ਗਏ ਹਨ।
ਬੜੀ ਉਮੀਦ ਹੈ ਕਿ ਇਸ ਡੇਅਰੀ ਫਾਰਮਰ ਦੀ ਜੀਵਨ-ਗਾਥਾ ਸਾਡੇ ਪੇਂਡੂ ਨੌਜਵਾਨ ਵੀਰਾਂ ਅਤੇ ਭੈਣਾਂ ਨੂੰ ਇਸ ਧੰਦੇ ਵੱਲ ਪ੍ਰੇਰਿਤ ਕਰੇਗੀ ਅਤੇ ਪੇਂਡੂ ਸਵੈ-ਰੁਜ਼ਗਾਰ ਦੀ ਰੁਚੀ ਵਿਚ ਵਾਧਾ ਹੋਵੇਗਾ। ਇਸ ਨਾਲ ਸਮਾਜਿਕ ਅਤੇ ਆਰਥਿਕ ਹਾਲਤ ਵਿਚ ਸੁਧਾਰ ਹੋਣਗੇ।


